ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਰਾਜੇ ਦਾ ਇਕ ਪੱਕਾ ਮਿੱਤਰ ਸੀ । ਉਹ ਬਹੁਤ ਹੀ ਮੂਰਖ਼ ਸੀ । ਪਰੰਤੂ ਰਾਜਾ ਉਸ ਦੇ ਭੋਲੇ - ਭਾਲੇ ਤੇ ਸੱਚ ਬੋਲਣ ਵਾਲਾ ਹੋਣ ਕਾਰਨ ਉਸ ਨੂੰ ਆਪਣੇ ਨਾਲ ਤੀਰਥ ਯਾਤਰਾ ’ ਤੇ ਲੈ ਗਿਆ । ਰਾਹ ਵਿੱਚ ਹਨ੍ਹੇਰਾ ਹੋਣ ਤੇ ਇਕ ਖੁੱਲ੍ਹੇ ਮੈਦਾਨ ਵਿੱਚ ਰਾਜਾ ਤੇ ਸੈਨਿਕ ਤੰਬੂ ਲਗਾ ਕੇ ਅਰਾਮ ਕਰਨ ਲੱਗੇ । ਰਾਜੇ ਨੇ ਆਪਣੇ ਮਿੱਤਰ ਨੂੰ ਕਿਹਾ , “ ਕੀ ਤੂੰ ਰਾਤ ਨੂੰ ਮੇਰੇ ਤੰਬੂ ਦੀ ਰਾਖੀ ਕਰੀਂ , ਕੋਈ ਵੀ ਚੀਜ਼ ਮੇਰੇ ਤੰਬੂ ਵਿੱਚ ਵੜਣ ਨਾ ਦੇਵੀਂ । ਤੂੰ ਖ਼ੁਦ ਆਪ ਵੀ ਮੇਰੇ ਤੰਬੂ ਵਿੱਚ ਨਾ ਵੜੀ । ” ਰਾਜੇ ਦਾ ਮੂਰਖ਼ ਮਿੱਤਰ ਤੰਬੂ ਦੀ ਰਾਖੀ ਕਰਨ ਲੱਗਾ । ਕੁਝ ਰਾਤ ਹੋਈ ਤੇ ਇਕ ਜੁਗਨੂੰ ਰਾਜੇ ਦੇ ਤੰਬੂ ਵਿੱਚ ਵੜ ਗਿਆ।ਰਾਜੇ ਦਾ ਮਿੱਤਰ ਸੋਚਣ ਲੱਗਾ ਕਿ ਹੁਣ ਇਸ ਨੂੰ ਬਾਹਰ ਕਿਵੇਂ ਕੱਢਿਆ ਜਾਵੇ ? ਰਾਜੇ ਨੇ ਮੈਨੂੰ ਕਿਹਾ ਸੀ ਕਿ ਤੂੰ ਮੇਰੇ ਤੰਬੂ ਅੰਦਰ ਨਾ ਵੜੀਂ । ਉਸ ਨੇ ਸੋਚ - ਸੋਚ ਕੇ ਤੰਬੂ ਨੂੰ ਅੱਗ ਲਗਾ ਦਿੱਤੀ । ਤੰਬੂ ਮੱਚਣ ਲੱਗਾ । ਅੱਗ ਲੱਗੀ ਦੇਖ ਕੇ ਰਾਜਾ ਬਚਾਉ - ਬਚਾਉ ਰੌਲਾ ਪਾਉਣ ਲੱਗਾ । ਸੈਨਿਕਾਂ ਨੇ ਰੌਲਾ ਸੁਣ ਕੇ ਰਾਜੇ ਨੂੰ ਸਹੀ ਸਲਾਮਤ ਤੰਬੂ ਵਿੱਚੋਂ ਬਾਹਰ ਕੱਢ ਲਿਆ । ਬਾਹਰ ਆਉਣ ’ ਤੇ ਰਾਜੇ ਨੇ ਆਪਣੇ ਮਿੱਤਰ ਨੂੰ ਕਿਹਾ , “ ਤੈਂ ਇਹ ਕੀ ਕੀਤਾ ਸੀ ? ਅੱਗ ਕਿਉਂ ਲਾਈ ਸੀ ? ' ' ਰਾਜੇ ਦਾ ਮੂਰਖ਼ ਮਿੱਤਰ ਆਖਣ ਲੱਗਾ , “ ਮਹਾਰਾਜ ਤੁਹਾਡੇ ਤੰਬੂ ਵਿੱਚ ਜੁਗਨੂੰ ਵੜ ਗਿਆ ਸੀ । ਮੈਂ ਅੰਦਰ ਨਹੀਂ ਆ ਸਕਦਾ ਸੀ । ਇਸ ਲਈ ਮੈਂ ਤੰਬੂ ਨੂੰ ਅੱਗ ਲਗਾ ਦਿੱਤੀ ਤਾਂ ਜੋ ਜੁਗਨੂੰ ਮਰ ਜਾਵੇ । ” ਉਸ ਦੀ ਪਾਗ਼ਲ ਭਰੀ ਗੱਲ ਸੁਣ ਕੇ ਰਾਜਾ ਬਹੁਤ ਗ਼ੁੱਸੇ ਵਿੱਚ ਆਇਆ ਤੇ ਫੇਰ ਕਹਿਣ ਲੱਗਾ , “ ਮੈਂ ਹੁਣ ਦੂਸਰੇ ਤੰਬੂ ਵਿੱਚ ਸੌਂਦਾ ਹਾਂ । ਤੂੰ ਰਾਖੀ ਪੂਰੇ ਧਿਆਨ ਨਾਲ ਕਰੀਂ । ਜਿਹੜਾ ਮਰਜ਼ੀ ਤੰਬੂ ਵਿੱਚ ਵੜ ਜਾਵੇ ਕਿਸੇ ਨੂੰ ਕੁਝ ਨਾ ਆਖੀਂ । ” ਰਾਜਾ ਤੰਬੂ ਵਿੱਚ ਜਾ ਕੇ ਸੌਂ ਜਾਂਦਾ ਹੈ । ਉਸ ਦਾ ਮਿੱਤਰ ਤੰਬੂ ਦੀ ਰਾਖੀ ਕਰਨ ਲੱਗਦਾ ਹੈ । ਕੁਝ ਰਾਤ ਬੀਤੀ ਤੇ ਰਾਜੇ ਦੇ ਤੰਬੂ ਵਿੱਚ ਚੋਰ ਵੜ ਗਏ ਤੇ ਰਾਜੇ ਦੇ ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ । ਮੂਰਖ਼ ਮਿੱਤਰ ਚੋਰਾਂ ਨੂੰ ਅਰਾਮ ਨਾਲ ਬੈਠਾ ਦੇਖਦਾ ਰਿਹਾ । ਉਸ ਨੇ ਚੋਰਾਂ ਨੂੰ ਕੁਝ ਨਾ ਕਿਹਾ । ਜਦ ਰਾਜਾ ਸਵੇਰੇ ਉਠਦਾ ਹੈ ਤਾਂ ਦੇਖਦਾ ਹੈ ਕਿ ਸਾਰੇ ਕੀਮਤੀ ਗਹਿਣੇ ਚੋਰੀ ਹੋ ਗਏ ਸਨ । ਰਾਜਾ ਆਪਣੇ ਮਿੱਤਰ ਨੂੰ ਅਵਾਜ਼ ਮਾਰਦਾ ਹੈ ਤੇ ਪੁੱਛਦਾ ਹੈ ਕਿ ਰਾਤ ਨੂੰ ਮੇਰੇ ਸਾਰੇ ਗਹਿਣੇ ਚੋਰੀ ਹੋ ਗਏ ਤੈਂ ਕੋਈ ਚੋਰੀ ਕਰਦਾ ਦੇਖਿਆ ਹੈ । ਤਾਂ ਰਾਜੇ ਦਾ ਮੂਰਖ਼ ਮਿੱਤਰ ਕਹਿੰਦਾ ਹੈ ਕਿ ਅੱਧੀ ਰਾਤ ਨੂੰ ਦੋ - ਤਿੰਨ ਚੋਰ ਤੁਹਾਡੇ ਤੰਬੂ ਵਿੱਚ ਵੜੇ ਸਨ।ਉਹ ਗਹਿਣੇ ਚੋਰੀ ਕਰਕੇ ਲੈ ਗਏ । ਰਾਜਾ ਗ਼ੁੱਸੇ ਨਾਲ ਕਹਿੰਦਾ ਹੈ , “ ਪਾਗ਼ਲ ਤੈਂ ਉਹਨਾਂ ਨੂੰ ਚੋਰੀ ਕਰਨੋਂ ਰੋਕਿਆ ਕਿਉਂ ਨਹੀਂ ? ਤੈਂ ਰੌਲਾ ਕਿਉਂ ਨਹੀਂ ਪਾਇਆ ? ” ਅੱਗੋਂ ਮੂਰਖ਼ ਮਿੱਤਰ ਆਖਣ ਲੱਗਦਾ ਹੈ , “ ਮਹਾਂਰਾਜ ! ਤੁਸੀਂ ਤਾਂ ਕਿਹਾ ਸੀ , ਕਿ ਕੋਈ ਵੀ ਮੇਰੇ ਤੰਬੂ ਵਿੱਚ ਆਵੇ ਤੂੰ ਕਿਸੇ ਨੂੰ ਕੁਝ ਨਾ ਕਹੀਂ । ਇਸ ਲਈ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ , ਮੈਂ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ । ” ਮੂਰਖ਼ ਮਿੱਤਰ ਦਾ ਜਵਾਬ ਸੁਣ ਕੇ ਰਾਜਾ ਮੱਥਾ ਫੜ ਕੇ ਬੈਠ ਗਿਆ । ਸਿਆਣੇ ਸੱਚ ਕਹਿੰਦੇ ਹਨ — ਮੂਰਖ਼ ਮਿੱਤਰ ਨਾਲੋਂ ਅਕਲਮੰਦ ਦੁਸ਼ਮਣ ਚੰਗਾ ਹੈ ।
0 Comments