ਮੱਛੀਆਂ ਤੇ ਬਗਲੇ



 ਇਕ ਛੱਪੜ ਦੇ ਵਿੱਚ ਬਹੁਤ ਸਾਰੀਆਂ ਮੱਛੀਆਂ ਰਿਹਾ ਕਰਦੀਆਂ ਸਨ । ਉਸ ਛੱਪੜ ’ ਤੇ ਦੋ ਬਗਲੇ ਹਰ ਰੋਜ਼ ਮੱਛੀਆਂ ਦਾ ਸ਼ਿਕਾਰ ਕਰਨ ਆਉਂਦੇ । ਮੱਛੀਆਂ ਉਹਨਾਂ ਬਗਲਿਆਂ ਤੋਂ ਬਹੁਤ ਪ੍ਰੇਸ਼ਾਨ ਸਨ ਕਿਉਂਕਿ ਬਗਲੇ ਹਰ ਰੋਜ਼ ਦਸ - ਪੰਦਰਾ ਮੱਛੀਆਂ ਖਾ ਜਾਂਦੇ ਸਨ । ਜੋ ਵੀ ਮੱਛੀ ਬਾਹਰ ਆਉਂਦੀ ਬਗਲੇ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ । ਇਕ ਦਿਨ ਸਾਰੀਆਂ ਇਕੱਠੀਆਂ ਹੋ ਕੇ ਬਗਲਿਆਂ ਤੋਂ ਬਚਣ ਦਾ ਕੋਈ ਉਪਾਅ ਸੋਚਣ ਲੱਗੀਆਂ । ਸਭ ਤੋਂ ਵੱਡੀ ਮੱਛੀ ਆਖਣ ਲੱਗੀ , “ ਜੇਕਰ ਕਿਸੇ ਤਰ੍ਹਾਂ ਆਪਾਂ ਚੁੱਪ ਰਹੀਆਂ ਤਾਂ ਬਗਲੇ ਇਕ ਦਿਨ ਸਾਨੂੰ ਸਭ ਨੂੰ ਖਾ ਜਾਣਗੇ । ਮੇਰੇ ਦਿਮਾਗ਼ ਵਿੱਚ ਇਕ ਤਰਕੀਬ ਏ , ਜੇਕਰ ਤੁਸੀਂ ਮੇਰਾ ਸਾਥ ਦੇਵੋ ਤਾਂ ਆਪਾਂ ਬਗਲਿਆਂ ਤੋਂ ਮੁਕਤੀ ਪਾ ਸਕਦੀਆਂ ਹਾਂ । ” ਵੱਡੀ ਮੱਛੀ ਦੀ ਗੱਲ ਸੁਣ ਕੇ ਬਾਕੀ ਸਾਰੀਆਂ ਮੱਛੀਆਂ ਨੇ ਕਿਹਾ ਕਿ ਅਸੀਂ ਸਭ ਤੇਰੇ ਨਾਲ ਹਾਂ । ਵੱਡੀ ਮੱਛੀ ਨੇ ਤਰਕੀਬ ਸਾਰੀਆਂ ਮੱਛੀਆਂ ਨੂੰ ਦੱਸੀ । ਦੂਸਰੇ ਦਿਨ ਸਾਰੀਆਂ ਮੱਛੀਆਂ ਇਕੱਠੀਆਂ ਹੋ ਕੇ ਪਹਿਲਾਂ ਇਕ ਬਗਲੇ ਕੋਲ ਗਈਆਂ ਤੇ ਆਖਣ ਲੱਗੀਆਂ , ‘ ‘ ਬਗਲੇ ਭਰਾ , ਅਸੀਂ ਹਰ ਰੋਜ਼ ਤੇਰੇ ਖਾਣ ਲਈ ਆਪਣੇ ਆਪ ਆ ਜਾਇਆ ਕਰਾਂਗੀਆਂ । ਪਰੰਤੂ ਤੂੰ ਦੂਸਰੇ ਬਗਲੇ ਨੂੰ ਛੱਪੜ ਤੋਂ ਭਜਾ ਦੇ ਕਿਉਂਕਿ ਅੱਧੀਆਂ ਮੱਛੀਆਂ ਉਹ ਦੂਸਰਾ ਬਗਲਾ ਖਾ ਜਾਂਦਾ ਹੈ । ਇਸ ਤਰ੍ਹਾਂ ਅਸੀਂ ਜਲਦੀ ਹੀ ਮੁੱਕ ਜਾਵਾਂਗੀਆਂ , ਫੇਰ ਤੈਨੂੰ ਵੀ ਭੁੱਖਾ ਰਹਿਣਾ ਪਵੇਗਾਂ । ” ਮੱਛੀਆਂ ਦੀ ਗੱਲ ਸੁਣ ਕੇ ਬਗਲਾ ਸੋਚ ਕੇ ਆਖਣ ਲੱਗਾ ਕਿ ਮੈਨੂੰ ਮਨਜ਼ੂਰ ਹੈ ਮੈਂ ਦੂਸਰੇ ਬਗਲੇ ਨੂੰ ਛੱਪੜ ਤੋਂ ਭਜਾ ਦੇਵਾਂਗਾ । ਮੇਰਾ ਸ਼ਿਕਾਰ ਕੋਈ ਦੂਸਰਾ ਖਾਵੇ , ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ । ਇਹੀ ਗੱਲ ਮੱਛੀਆਂ ਨੇ ਦੂਸਰੇ ਬਗਲੇ ਨੂੰ ਜਾ ਕੇ ਕਹੀ । ਦੂਸਰਾ ਬਗਲਾ ਵੀ ਉਹਨਾਂ ਦੀ ਗੱਲ ਮੰਨ ਗਿਆ । ਮੱਛੀਆਂ ਦੀਆਂ ਗੱਲਾਂ ਵਿੱਚ ਆ ਕੇ ਦੋਵੇਂ ਬਗਲੇ ਇਕ - ਦੂਜੇ ਦੇ ਵੈਰੀ ਬਣ ਗਏ । ਇਕ - ਦੂਜੇ ਨੂੰ ਛੱਪੜ ਤੋਂ ਭਜਾਉਣ ਲਈ ਆਪਸ ਵਿੱਚ ਲੜਣ ਲੱਗ ਪਏ । ਦੋਵੇਂ ਬਗਲੇ ਲੜਦੇ - ਲੜਦੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਉੱਡਣ ਯੋਗੇ ਵੀ ਨਾ ਰਹੇ ਤੇ ਛੱਪੜ ਦੇ ਕੰਢੇ ' ਤੇ ਬੇਹੋਸ਼ ਵਾਂਗੂ ਡਿੱਗ ਪਏ । ਕੁਝ ਚਿਰ ਬਾਅਦ ਛੱਪੜ ’ ਤੇ ਦੋ ਕੁੱਤੇ ਆਏ ਤੇ ਬਗਲਿਆਂ ਨੂੰ ਚੁੱਕ ਕੇ ਲੈ ਗਏ । ਇਹ ਦੇਖ ਕੇ ਮੱਛੀਆਂ ਬਹੁਤ ਖ਼ੁਸ਼ ਹੋਈਆਂ । ਆਪਣੀ ਜਿੱਤ ਦੀ ਖ਼ੁਸ਼ੀ ਮਨਾਉਣ ਲੱਗੀਆਂ । ਪਿਆਰੇ ਬੱਚਿਓ ! ਜਿੱਥੇ ਜ਼ੋਰ ਨਾ ਕੰਮ ਕਰੇ ਉੱਥੇ ਅਕਲ ਵਰਤਣੀ ਚਾਹੀਦੀ ਹੈ ।

Post a Comment

0 Comments