ਬਿੱਲੀ ਗਲ ਟੱਲੀ ਨਹੀਂ ਪੈਂਦੀ

 


 

ਇੱਕ ਥਾਂ ਤੇ ਰਹਿੰਦੇ ਬਹੁਤ ਸਾਰੇ ਚੂਹੇ ਇੱਕ ਬਿੱਲੀ ਤੋਂ ਤੰਗ ਸਨ । ਬਿੱਲੀ ਦਾਅ ਬਚਾ ਕੇ ਆਉਂਦੀ ਤੇ ਇੱਕ ਅੱਧ ਚੂਹੇ ਨੂੰ ਪਾਰ ਬੁਲਾ ਜਾਂਦੀ । ਚੂਹਿਆਂ ਨੇ ਇਕੱਠ ਕੀਤਾ । ਉਸ ਪਿੰਡ ਦਾ ਜਗੀਰਦਾਰ ਲੋਕਾਂ ਲਈ ਕਹਿਰ ਸੀ । ਲੋਕਾਂ ਨੂੰ ਉਧਾਰ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਰੱਖੀ ਬੈਠਾ ਸੀ । ਕਿਸੇ ਦੀ ਧੀ ਭੈਣ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ ਤੇ ਉਸ ਪਿੰਡ ਦੇ ਲੋਕ ਮਿਲ ਬੈਠੇ । ਚੂਹਿਆਂ ਇਕੱਠ ਕੀਤਾ - ਬਿੱਲੀ ਤੋਂ ਬਚਾ ਕਿਵੇਂ ਕੀਤਾ ਜਾਵੇ ? ਪਿੰਡ ਦੇ ਬੰਦਿਆਂ ਸੋਚ ਵਿਚਾਰ ਕੀਤੀ ਕਿ ਕਿਵੇਂ ਉਸ ਦੈਂਤ ਜਗੀਰਦਾਰ ਦੇ ਕਹਿਰ ਤੋਂ ਬਚਿਆ ਜਾਵੇ ? ‘ ਬਿੱਲੀ ਦੇ ਗਲ ਟੱਲੀ ਪਾ ਦਿਓ ! ’ ਇੱਕ ਚੂਹੇ ਨੇ ਰਾਏ ਦਿੱਤੀ । ਜਗੀਰਦਾਰ ਖਿਲਾਫ ਮੁਕੱਦਮਾ ਕੀਤਾ ਜਾਣਾ ਚਾਹੀਦਾ ਹੈ । ਕੁਝ ਪੜ੍ਹੇ ਲਿਖੇ ਅੱਧਖੜ ਬੰਦਿਆਂ ਨੇ ਸਲਾਹ ਦਿੱਤੀ । ਬਿੱਲੀ ਆਈ ਤਾਂ ਸਾਰੇ ਚੂਹੇ ਡਰਦੇ ਮਾਰੇ ਭੱਜ ਗਏ । ਮੁਕੱਦਮੇ ਵਿਚ ਜਗੀਰਦਾਰ ਦਾ ਪੈਸਾ ਰੰਗ ਲਗਾ ਗਿਆ । ਲੋਕ ਹੋਰ ਤੰਗ ਹੋ ਗਏ ...। ਚੂਹਿਆਂ ਦੀ ਮੀਟਿੰਗ ਫਿਰ ਕਦੀ ਨਹੀਂ ਹੋਈ । ਪਰ ਉਸ ਪਿੰਡ ਦੇ ਕੁਝ ਨੌਜਵਾਨ ਮੁੰਡੇ ਇੱਕ ਹਨੇਰੀ ਰਾਤ ਨੂੰ ਇਕ ਖੂਹ ਉਤੇ ਗੁਪਤ ਮੀਟਿੰਗ ਵਿਚ ਇਕੱਠੇ ਹੋ ਗਏ ....। ‘ ਬਿੱਲੀ ਦੇ ਗਲ ਟੱਲੀ ਨਹੀਂ ਪਾਈ ਜਾ ਸਕਦੀ ’ , ਇਕ ਮੁੰਡੇ ਨੇ ਰਾਏ ਦਿੱਤੀ , ‘ ਬਿੱਲੀ ਮਾਰੀ ਤਾਂ ਜਾ ਸਕਦੀ ਹੈ । ਦੂਸਰੇ ਨੇ ਠਰੰਮੇ ਨਾਲ ਕਿਹਾ ...। ਅਗਲੇ ਦਿਨ ਇੱਕ ਲਾਸ਼ ਲਹੂ ਲੁਹਾਣ ਹੋਈ ਪਈ ਸੀ ਤੇ ਧਰਤੀ ਤੇ ਪੈ ਰਹੀਆਂ ਸੂਰਜ ਦੀਆਂ ਕਿਰਨਾਂ ਬੜੀਆਂ ਸੁਨਿਹਰੀ ਲੱਗ ਰਹੀਆਂ ਸਨ ।

Post a Comment

0 Comments