ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ । ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ । ਉਸ ਦੇ ਕਈ ਚੇਲੇ ਸਨ । ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ । ਉਹ ਬਹੁਤ ਸੁੰਦਰ ਸੀ । ਜਦ ਉਹ ਵੱਡੀ ਹੋਈ ਤਾਂ ਉਸ ਦੀ ਖ਼ੂਬਸੂਰਤੀ ਦੀ ਪ੍ਰਸਿੱਧੀ ਦੂਰ - ਦੂਰ ਤਕ ਫੈਲ ਗਈ । ਇਸਾਕ ਨੇ ਉਸ ਦਾ ਨਾਂ ਗੁਲਅਨਾਰ ਰੱਖਿਆ । ਇੱਕ ਦਿਨ ਇੱਕ ਫ਼ਕੀਰ ਖ਼ੈਰ ਮੰਗਣ ਇਸਾਕ ਦੇ ਬੂਹੇ ਆਇਆ । ਉਹ ਫ਼ਕੀਰ ਜੋਤਿਸ਼ - ਸ਼ਾਸਤਰ ਦਾ ਗਿਆਤਾ ਸੀ । ਫ਼ਕੀਰ ਦੀ ਨਜ਼ਰ ਗੁਲਅਨਾਰ ' ਤੇ ਪਈ ਤਾਂ ਉਸ ਨੇ ਗੁਲਅਨਾਰ ਦੇ ਪਿਤਾ ਨੂੰ ਬੁਲਾਇਆ ਤੇ ਆਖਿਆ , " ਤੁਹਾਡੀ ਲੜਕੀ ਦੀ ਕਿਸਮਤ ਬੜੀ ਚੰਗੀ ਹੈ । ਇਸ ਦਾ ਪਤੀ ਰਾਜ ਦਾ ਬੜਾ ਵੱਡਾ ਅਧਿਕਾਰੀ ਹੋਵੇਗਾ । ” ਇਸਾਕ ਨੇ ਕਿਹਾ , " ਤੁਸੀਂ ਜੋ ਕਿਹਾ , ਉਹ ਸੁਣਨ ਵਿੱਚ ਬੜਾ ਚੰਗਾ ਲੱਗਦਾ ਹੈ ਪਰ ਇਸ ਲੜਕੀ ਲਈ ਤਾਂ ਕਿਸੇ ਸ਼ਰੀਫ਼ ਖਾਨਦਾਨ ਦਾ ਮਾਮੂਲੀ ਲੜਕਾ ਵੀ ਨਹੀਂ ਮਿਲ ਸਕੇਗਾ । ” ਫ਼ਕੀਰ ਨੇ ਜਵਾਬ ਦਿੱਤਾ , " ਖ਼ੁਦਾ ਦੀ ਕੁਦਰਤ ਨਾਲ ਸਭ ਕੁਝ ਆਸਾਨ ਹੈ । ਉਹ ਕਿਵੇਂ ਹੋਵੇਗਾ , ਇਹ ਤਾਂ ਮੈਂ ਨਹੀਂ ਜਾਣਦਾ ਪਰ ਇਸ ਪਿਆਰੀ ਬੇਟੀ ਦੇ ਹੱਥ ਦੀਆਂ ਲਕੀਰਾਂ ਜੋ ਕਹਿ ਰਹੀਆਂ ਹਨ , ਉਹ ਜ਼ਰੂਰ ਹੋਵੇਗਾ । ” ਫ਼ਕੀਰ ਐਨੀ ਗੱਲ ਕਹਿ ਕੇ ਚਲਾ ਗਿਆ । ਗੁਲਅਨਾਰ ਜਿਉਂ - ਜਿਉਂ ਵੱਡੀ ਹੁੰਦੀ ਗਈ , ਉਸ ਦੇ ਵਿਆਹ ਲਈ ਇਸਾਕ ਦੀ ਚਿੰਤਾ ਵੀ ਵਧਦੀ ਗਈ । ਫ਼ਕੀਰ ਦੀ ਗੱਲ ਉਸ ਨੂੰ ਝੂਠੀ ਲੱਗੀ ਸੀ ਕਿਉਂਕਿ ਗੁਲਅਨਾਰ ਨਾਲ ਵਿਆਹ ਕਰਵਾਉਣ ਨੂੰ ਉਂਜ ਤਾਂ ਕਈ ਨੌਜਵਾਨ ਤਿਆਰ ਸਨ ਪਰ ਸਾਰੇ ਉਸ ਦੇ ਅਪਰਾਧੀ ਚੇਲੇ ਸਨ । ਅੰਤ ਉਸ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੌਜਵਾਨਾਂ ਵਿੱਚੋਂ ਜਿਹੜਾ ਵੀ ਆਪਣੇ ਕੰਮ ਵਿੱਚ ਸਭ ਤੋਂ ਵੱਧ ਚਲਾਕ ਹੋਵੇਗਾ , ਉਸੇ ਨਾਲ ਗੁਲਅਨਾਰ ਦਾ ਵਿਆਹ ਕਰ ਦੇਵੇਗਾ । ਉਸ ਨੇ ਆਪਣੇ ਚੇਲਿਆਂ ਨੂੰ ਫ਼ੈਸਲਾ ਸੁਣਾ ਦਿੱਤਾ । ਉਨ੍ਹਾਂ ਨੌਜਵਾਨਾਂ ਵਿੱਚ ਅਲੀ ਤੇ ਵਲੀ ਨਾਂ ਦੇ ਨੌਜਵਾਨ ਸਨ । ਅਲੀ ਚੋਰ ਸੀ ਤੇ ਵਲੀ ਜੇਬਕਤਰਾ । ਜਦੋਂ ਇਸਾਕ ਨੇ ਚੇਲਿਆਂ ਨੂੰ ਆਪਣੀ ਗੱਲ ਦੱਸੀ , ਅਲੀ ਅਤੇ ਵਲੀ ਆਪਣੀ - ਆਪਣੀ ਯੋਗਤਾ ਦਿਖਾਉਣ ਲਈ ਤੁਰ ਪਏ । ਉਹ ਦੋਵੇਂ ਬਾਜ਼ਾਰ ਵੱਲ ਗਏ । ਉੱਥੇ ਇੱਕ ਵਪਾਰੀ ਦੂਜੇ ਸ਼ਹਿਰ ਤੋਂ ਆਇਆ ਸੀ । ਉਹ ਦੋਵੇਂ ਜਣੇ ਉਸ ਦੇ ਪਿੱਛੇ ਲੱਗ ਗਏ । ਇੱਕ ਥਾਂ ਮੌਕਾ ਦੇਖ ਕੇ ਵਲੀ ਨੇ ਬੜੀ ਫੁਰਤੀ ਨਾਲ ਉਸ ਦੀ ਜੇਬ ਵਿੱਚ ਹੱਥ ਪਾਇਆ ਤੇ ਵਪਾਰੀ ਦਾ ਬਟੂਆ ਕੱਢ ਲਿਆ । ਵਪਾਰੀ ਨੂੰ ਪਤਾ ਵੀ ਨਾ ਲੱਗਿਆ । ਉਸ ' ਚੋਂ ਸੋਨੇ ਦੀਆਂ ਇੱਕ ਹਜ਼ਾਰ ਅਸ਼ਰਫ਼ੀਆਂ ਨਿਕਲੀਆਂ । ਇਸਾਕ , ਅਲੀ ਅਤੇ ਵਲੀ ਦੇ ਹੱਥ ਦੀ ਸਫ਼ਾਈ ਦੀ ਪ੍ਰਸ਼ੰਸਾ ਕਰਨ ਲੱਗਿਆ । ਵਲੀ ਨੇ ਕਿਹਾ , " ਉਸਤਾਦ ਜੀ , ਅਜੇ ਤਾਂ ਮੇਰਾ ਕੰਮ ਅਧੂਰਾ ਹੀ ਹੋਇਆ ਹੈ । ਇਸ ਵਿੱਚ ਪ੍ਰਸ਼ੰਸਾ ਕਰਨ ਵਾਲੀ ਕਿਹੜੀ ਗੱਲ ਹੈ ? ਜਿਸ ਵਪਾਰੀ ਦਾ ਇਹ ਬਟੂਆ ਹੈ , ਉਹ ਚੁੱਪ ਕਰ ਕੇ ਤਾਂ ਨਹੀਂ ਬੈਠੇਗਾ । ਉਹ ਕਾਜ਼ੀ ਕੋਲ ਜਾ ਕੇ ਰੋਵੇਗਾ , ਪਿੱਟੇਗਾ । ਫੇਰ ਮੈਂ ਜ਼ਰੂਰ ਫੜਿਆ ਜਾਵਾਂਗਾ । ” ਇਸਾਕ ਨੇ ਕਿਹਾ , “ ਤਾਂ ਫੇਰ ਤੂੰ ਕੀ ਕਰੇਂਗਾ ? ” ਵਲੀ ਬੋਲਿਆ , “ ਮੈਂ ਉਸ ਵਪਾਰੀ ਨੂੰ ਫੜ ਕੇ ਕਾਜ਼ੀ ਕੋਲ ਲੈ ਜਾਵਾਂਗਾ । ਉੱਥੇ ਮੈਂ ਸਾਬਤ ਇਹ ਕਰਾਂਗਾ ਕਿ ਬਟੂਏ ਦਾ ਮਾਲਕ ਮੈਂ ਹਾਂ । ਇਸ ਵਪਾਰੀ ਨੇ ਹੀ ਬਟੂਆ ਚੋਰੀ ਕੀਤਾ ਹੈ । ਫੇਰ ਕਾਜ਼ੀ ਖ਼ੁਦ ਮੈਨੂੰ ਬਟੂਆ ਦੇ ਦੇਵੇਗਾ । ” ਐਨਾ ਕਹਿ ਕੇ ਵਲੀ ਨੇ ਉਸ ਬਟੂਏ ਵਿੱਚ ਆਪਣੇ ਪੱਲਿਓਂ ਵੀਹ ਅਸ਼ਰਫ਼ੀਆਂ ਹੋਰ ਪਾ ਦਿੱਤੀਆਂ । ਇੱਕ ਡੱਬੀ ਵੀ ਉਸ ਵਿੱਚ ਰੱਖ ਦਿੱਤੀ ਜਿਸ ' ਤੇ ਉਸ ਦਾ ਨਾਂ ਖੁਣਿਆ ਹੋਇਆ ਸੀ । ਦੋਵੇਂ ਜਣੇ ਫੇਰ ਬਾਜ਼ਾਰ ਗਏ । ਉਹ ਵਪਾਰੀ ਅਜੇ ਤਕ ਉੱਥੇ ਹੀ ਘੁੰਮ ਰਿਹਾ ਸੀ । ਅਜੇ ਉਸ ਨੂੰ ਆਪਣੀ ਜੇਬ ਕੱਟੇ ਜਾਣ ਦਾ ਭੋਰਾ ਇਲਮ ਨਹੀਂ ਸੀ । ਦੋਵੇਂ ਫਿਰ ਉਸ ਦੇ ਮਗਰ ਲੱਗ ਗਏ । ਵਲੀ ਨੇ ਮੌਕਾ ਦੇਖ ਕੇ ਬਟੂਆ ਫੇਰ ਉਸ ਦੀ ਜੇਬ ਵਿੱਚ ਮਲਕੜੇ ਜਿਹੇ ਪਾ ਦਿੱਤਾ । ਫੇਰ ਝਟਪਟ ਉਸ ਨੂੰ ਧੌਣ ਤੋਂ ਫੜ ਕੇ ਉੱਚੀ - ਉੱਚੀ ਰੌਲਾ ਪਾਉਣ ਲੱਗਾ , " ਦੇਖੋ , ਇਸ ਨੇ ਮੇਰਾ ਬਟੂਆ ਚੋਰੀ ਕਰ ਲਿਆ ਹੈ । ” ਕੁਝ ਆਦਮੀ ਦੋਵਾਂ ਨੂੰ ਫੜ ਕੇ ਕਾਜ਼ੀ ਕੋਲ ਲੈ ਗਏ । ਕਾਜ਼ੀ ਨੇ ਦੋਵਾਂ ਦੀ ਗੱਲ ਬੜੇ ਗਹੁ ਨਾਲ ਸੁਣੀ । ਫੇਰ ਉਹ ਕਹਿਣ ਲੱਗਾ , ” ਇਸ ਦਾ ਫ਼ੈਸਲਾ ਤਾਂ ਬੜਾ ਸੌਖਾ ਹੈ । ਮੈਨੂੰ ਦੱਸੋ , ਤੁਹਾਡੇ ਬਟੂਏ ਵਿੱਚ ਕੀ ਹੈ । ਜਿਸ ਦੀ ਗੱਲ ਸੱਚੀ ਨਿਕਲੇਗੀ , ਉਸੇ ਦਾ ਬਟੂਆ ਹੈ । ” ਵਪਾਰੀ ਨੇ ਕਿਹਾ , " ਹਜ਼ੂਰ ਮੇਰੇ ਬਟੂਏ ਵਿੱਚ ਇੱਕ ਹਜ਼ਾਰ ਸੋਨੇ ਦੀਆਂ ਅਸ਼ਰਫ਼ੀਆਂ ਸਨ । ” ਵਲੀ ਬੋਲਿਆ , " ਨਹੀਂ ਕਾਜ਼ੀ ਸਾਹਿਬ , ਬਟੂਆ ਮੇਰਾ ਹੈ । ਇਸ ਵਿੱਚ ਇੱਕ ਹਜ਼ਾਰ ਵੀਹ ਅਸ਼ਰਫੀਆਂ ਹਨ । ਇਸ ਤੋਂ ਇਲਾਵਾ ਮੇਰੀ ਡੱਬੀ ਵੀ ਬਟੂਏ ਵਿੱਚ ਹੈ ਜਿਸ ‘ ਤੇ ਮੇਰਾ ਨਾਂ ਖੁਣਿਆ ਹੋਇਆ ਹੈ । ” ਕਾਜ਼ੀ ਨੇ ਬਟੂਆ ਖੋਲ੍ਹ ਕੇ ਦੇਖਿਆ ਤਾਂ ਵਲੀ ਦੀ ਗੱਲ ਸਹੀ ਨਿਕਲੀ । ਕਾਜ਼ੀ ਨੇ ਬਟੂਆ ਉਸ ਨੂੰ ਦੇ ਦਿੱਤਾ । ਹੁਣ ਅਲੀ ਦੀ ਵਾਰੀ ਆਈ ਆਪਣਾ ਹੁਨਰ ਦਿਖਾਉਣ ਦੀ । ਉਹ ਬੋਲਿਆ , “ ਮੇਰੇ ਦੋਸਤ ਵਲੀ ਨੇ ਵਪਾਰੀ ਅਤੇ ਕਾਜ਼ੀ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਹੈ । ਮੈਂ ਤਾਂ ਸੁਲਤਾਨ ਨੂੰ ਉੱਲੂ ਬਣਾਉਣ ਦੀ ਤਾਕਤ ਰੱਖਦਾ ਹਾਂ । ”ਇਸ ਤੋਂ ਬਾਅਦ ਉਹ ਦੋਵੇਂ ਸੁਲਤਾਨ ਦੇ ਮਹੱਲ ਦੇ ਪਿਛਵਾੜੇ ਪੁੱਜੇ । ਵਾਹਵਾ ਸੰਘਣਾ ਹਨੇਰਾ ਪਸਰਿਆ ਹੋਇਆ ਸੀ । ਅਲੀ ਦਰੱਖਤ ਦੇ ਆਸਰੇ ਕੰਧ ਟੱਪ ਕੇ ਮਹੱਲ ਵਿੱਚ ਚਲਾ ਗਿਆ । ਉਸ ਦੇ ਪਿੱਛੇ - ਪਿੱਛੇ ਵਲੀ ਵੀ ਆ ਗਿਆ । ਅੰਦਰ ਸੁਲਤਾਨ ਤਖ਼ਤਪੋਸ਼ ' ਤੇ ਸੌਂ ਰਿਹਾ ਸੀ । ਇੱਕ ਸੇਵਕ ਉਸ ਦੇ ਪੈਰਾਂ ਦੀ ਮਾਲਸ਼ ਕਰ ਰਿਹਾ ਸੀ । ਸੁਲਤਾਨ ਨੂੰ ਪੈਰ ਮਲਵਾਉਣ ਦੀ ਆਦਤ ਸੀ । ਇਸੇ ਨਾਲ ਹੀ ਉਸ ਨੂੰ ਨੀਂਦ ਆਉਂਦੀ ਸੀ । ਅਲੀ ਨੇ ਝਟਪਟ ਆਪਣਾ ਹੱਥ ਸੇਵਕ ਦੇ ‘ ਤੇ ਧਰਿਆ ਅਤੇ ਦੂਜੇ ਹੱਥ ਨਾਲ ਉਸ ਦੇ ਹੱਥ - ਪੈਰ ਕੱਸ ਕੇ ਬੰਨ੍ਹ ਦਿੱਤੇ । ਉਸ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਤਾਂ ਕਿ ਉਸ ਦੀ ਆਵਾਜ਼ ਬਾਹਰ ਨਾ ਨਿਕਲ ਸਕੇ । ਉਹ ਆਪ ਉਸ ਦੀ ਥਾਂ ਬੈਠ ਕੇ ਸੁਲਤਾਨ ਦੇ ਪੈਰਾਂ ਦੀ ਮਾਲਸ਼ ਕਰਨ ਲੱਗਾ । ਤਦੇ ਸੁਲਤਾਨ ਦੀ ਅੱਖ ਖੁੱਲ੍ਹ ਗਈ । ਉਸ ਨੇ ਦੇਖ ਲਿਆ । ਅਲੀ ਸੇਵਕ ਜਿਹੀ ਆਵਾਜ਼ ਵਿੱਚ ਬੋਲਿਆ , " ਜਹਾਂ ਪਨਾਹ ਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਇੱਕ ਮਜ਼ੇਦਾਰ ਕਹਾਣੀ ਸੁਣਾਵਾਂ ? ” ਸੁਲਤਾਨ ਨੇ ਕਿਹਾ , ” ਸ਼ੁਰੂ ਕਰੋ ਕਹਾਣੀ । ” ਅਲੀ ਕਹਾਣੀ ਸੁਣਾਉਣ ਲੱਗਾ । ਉਸ ਨੇ ਗੁਲਅਨਾਰ , ਇਸਾਕ , ਵਲੀ ਅਤੇ ਆਪਣੀ ਕਹਾਣੀ ਹੂ - ਬ - ਹੂ ਜਿਵੇਂ ਵਾਪਰੀ ਸੀ , ਉਵੇਂ ਹੀ ਸੁਣਾਉਣੀ ਸ਼ੁਰੂ ਕਰ ਦਿੱਤੀ । ਉਸ ਨੇ ਸਿਰਫ਼ ਸੁਲਤਾਨ ਅਤੇ ਉਸ ਦੀ ਸਲਤਨਤ ਦਾ ਨਾਂ ਬਦਲ ਦਿੱਤਾ । ਕਹਾਣੀ ਪੂਰੀ ਹੋਣ ' ਤੇ ਸੁਲਤਾਨ ਨੂੰ ਨੀਂਦ ਆ ਗਈ । ਅਲੀ ਨੇ ਸੁਲਤਾਨ ਦੀ ਜ਼ਰੀਦਾਰ ਜੁੱਤੀ ਚੁੱਕ ਲਈ ਅਤੇ ਚੁੱਪਚਾਪ ਉਹ ਦੋਵੇਂ ਮਹੱਲ ' ਚੋਂ ਬਾਹਰ ਆ ਗਏ । ਉਹ ਆਪਣੇ ਅੱਡੇ ' ਤੇ ਪੁੱਜੇ । ਅਲੀ ਨੇ ਸੁਲਤਾਨ ਦੀਆਂ ਜੁੱਤੀਆਂ ਇਸਾਕ ਨੂੰ ਵਿਖਾਈਆਂ ਤਾਂ ਉਹ ਹੈਰਾਨ ਰਹਿ ਗਿਆ । ਵਲੀ ਨੇ ਉਸ ਦੀ ਕਰਾਮਾਤ ਦੀ ਗਵਾਹੀ ਦਿੱਤੀ । ਉਸ ਨੇ ਹਾਰ ਮੰਨ ਲਈ । ਇਸਾਕ ਨੇ ਗੁਲਅਨਾਰ , ਅਲੀ ਨੂੰ ਸੌਂਪ ਦਿੱਤੀ । ਉਧਰ ਸੁਲਤਾਨ ਸੌਂ ਕੇ ਉਠਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਕਿ ਉਸ ਦਾ ਸੇਵਕ ਕਿੱਥੇ ਚਲਾ ਗਿਆ । ਉਸ ਦੀ ਭਾਲ ਸ਼ੁਰੂ ਹੋਈ । ਆਖਰ ਉਹ ਪਲੰਘ ਹੇਠੋਂ ਮਿਲਿਆ । ਉਸ ਦੇ ਹੱਥ - ਪੈਰ ਅਤੇ ਮੂੰਹ ਖੋਲ੍ਹਿਆ ਗਿਆ ਤਾਂ ਉਸ ਨੇ ਸਾਰੀ ਆਪਬੀਤੀ ਸੁਣਾ ਦਿੱਤੀ । ਸੁਲਤਾਨ ਨੇ ਮੁਨਾਦੀ ਕਰਵਾਈ , ” ਜੋ ਆਦਮੀ ਕੱਲ੍ਹ ਰਾਤ ਮੇਰੇ ਮਹੱਲ ਵਿੱਚ ਆ ਕੇ ਮੋਰੀਆਂ ਜੁੱਤੀਆਂ ਚੁੱਕ ਕੇ ਲੈ ਗਿਆ ਹੈ । ਮੈਂ ਉਸ ਦਾ ਜੁਰਮ ਮੁਆਫ਼ ਕਰਦਾ ਹਾਂ । ਉਹ ਬੇਖੌਫ਼ ਮੇਰੇ ਦਰਬਾਰ ਵਿੱਚ ਹਾਜ਼ਰ ਹੋਵੇ । ” ਅਲੀ ਨੇ ਸੁਣਿਆ ਤਾਂ ਉਹ ਜੁੱਤੀਆਂ ਲੈ ਕੇ ਦਰਬਾਰ ਵਿੱਚ ਹਾਜ਼ਰ ਹੋ ਗਿਆ । ਸੁਲਤਾਨ ਨੇ ਉਸ ਨੂੰ ਇਨਾਮ ਦਿੱਤਾ ਅਤੇ ਸ਼ਹਿਰ ਦਾ ਕੋਤਵਾਲ ਬਣਾ ਦਿੱਤਾ । ਸੁਲਤਾਨ ਨੇ ਸੋਚਿਆ ਕਿ ਐਨਾ ਚਲਾਕ ਕੋਤਵਾਲ ਹੋਵੇਗਾ ਤਾਂ ਕੋਈ ਚੋਰ ਬਚ ਨਹੀਂ ਸਕੇਗਾ ।
0 Comments