banner

 ਮੇਰੀ ਮਾਂ ਦੀ ਸਿਰਫ ਇੱਕ ਅੱਖ ਸੀ । ਇਸ ਲਈ ਮੈਨੂੰ ਮਾਂ ਨਾਲ ਬੜੀ ਨਫਰਤ ਸੀ । ਮੈਨੂੰ ਉਹਦੀ ਸ਼ਕਲ ਚੰਗੀ ਨਹੀਂ ਸੀ ਲੱਗਦੀ । ਮੇਰੀ ਲਈ ਉਹ ਬੜਾ ਪਰੇਸ਼ਾਨੀ ਦਾ ਕਾਰਨ ਸੀ।ਟੱਬਰ ਦੇ ਗੁਜ਼ਾਰੇ ਲਈ ਉਹ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਖਾਣਾ ਬਣਾਉਂਦੀ ਸੀ । ਮੈਂ ਇੱਕ ਐਲੀਮੈਂਟਰੀ ਸਕੂਲ ' ਚ ਪੜ੍ਹਦਾ ਸੀ । ਇੱਕ ਦਿਨ ਮੇਰੀ ਮਾਂ ਸਕੂਲ ' ਚ ਆਈ।ਉਹਨੇ ਮੈਨੂੰ ਬੁਲਾਵਾ ਭੇਜਿਆ । ਮਾਂ ਨੂੰ ਮਿਲਕੇ ਮੈਂ ਬਹੁਤ ਪਰੇਸ਼ਾਨ ਹੋਇਆ ਸੀ । “ ਉਹ ਏਦਾਂ ਮੈਨੂੰ ਪਰੇਸ਼ਾਨ ਕਿਉਂ ਕਰਦੀ ਹੈ ? ” ਮੈਂ ਉਸਨੂੰ ਨਜ਼ਰ ਅੰਦਾਜ਼ ਕੀਤਾ।ਇੱਕ ਨਫਰਤ ਭਰੀ ਤੱਕਣੀ ਨਾਲ ਉਸ ਨੂੰ ਦੇਖਿਆ ਤੇ ਕਲਾਸ ਤੋਂ ਬਾਹਰ ਚਲਾ ਗਿਆ । ਅਗਲੇ ਦਿਨ ਸਕੂਲ ' ਚ ਮੇਰਾ ਇੱਕ ਹਮ ਜਮਾਤੀ ਕਹਿਣ ਲੱਗਾ , “ ਓਏ ਤੇਰੀ ਮਾਂ ਦੀ ਕੇਵਲ ਇੱਕ ਅੱਖ ਹੀ ਏ । ” ਮੈਂ ਧਰਤੀ ' ਚ ਨਿੱਘਰ ਜਾਣਾ ਚਾਹੁੰਦਾ ਸੀ । ਮੈਂ ਇਹ ਵੀ ਚਾਹੁੰਦਾ ਸੀ ਕਿ ਮੇਰੀ ਮਾਂ ਅੱਖੋਂ ਓਹਲੇ ਹੋ ਜਾਵੇ । ਸੋ ਉਸ ਦਿਨ ਮੈਂ ਮਾਂ ਨੂੰ ਵੱਧ ਘੱਟ ਬੋਲਿਆ । “ ਜੇ ਤੂੰ ਚਾਹੁੰਦੀ ਏਂ ਕਿ ਮੁੰਡੇ ਮੇਰਾ ਏਸੇ ਤਰ੍ਹਾਂ ਦੀ ਮਜ਼ਾਕ ਉਡਾਉਣ ਤਾਂ ਇਹਦੇ ਨਾਲੋਂ ਇਹ ਚੰਗਾ ਨਹੀਂ ਕਿ ਤੂੰ ਮਰ ਜਾਏਂ । ” ਮਾਂ ਨੇ ਕੋਈ ਉੱਤਰ ਨਾ ਦਿੱਤਾ । ਮੈਂ ਗੁੱਸੇ ਨਾਲ ਭਰਿਆ ਪਿਆ ਸੀ । ਮੈਂ ਇੱਕ ਸਕਿੰਟ ਲਈ ਵੀ ਇਹ ਨਾ ਸੋਚਿਆ ਕਿ ਮੈਂ ਮਾਂ ਨੂੰ ਕੀ ਬੋਲਿਆ ਹੈ।ਮੈਂ ਮਾਂ ਦੀਆਂ ਭਾਵਨਾਵਾਂ ਪ੍ਰਤੀ ਅਚੇਤ ਸੀ।ਮੈਂ ਚਾਹੁੰਦਾ ਸੀ ਕਿ ਘਰੋਂ ਬਾਹਰ ਚਲੇ ਜਾਵਾਂ ਅਤੇ ਮਾਂ ਨਾਲ ਕੋਈ ਲੈਣ ਦੇਣ ਨਾ ਰੱਖਾਂ । ਸੋ ਮੈਂ ਸਖਤ ਮਿਹਨਤ ਕੀਤੀ ਅਤੇ ਪੜ੍ਹਿਆ।ਪੜ੍ਹਨ ਲਈ ਮੈਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਗਿਆ । ਫਿਰ ਮੈਂ ਵਿਆਹ ਕਰਾ ਲਿਆ।ਆਪਣਾ ਘਰ ਵੀ ਖਰੀਦ ਲਿਆ । ਮੇਰੇ ਬੱਚੇ ਵੀ ਹੋ ਗਏ।ਮੈਂ ਆਪਣੀ ਜਿੰਦਗੀ ਅਤੇ ਬੱਚਿਆਂ ਨਾਲ ਖੁਸ਼ ਸੀ । ਸਾਰੇ ਸੁੱਖ ਅਰਾਮ ਮੈਨੂੰ ਪਰਾਪਤ ਸਨ । ਫਿਰ ਇੱਕ ਦਿਨ ਮਾਂ ਮੈਨੂੰ ਮਿਲਣ ਆ ਗਈ । ਉਹਨੇ ਕਈ ਸਾਲਾਂ ਤੋਂ ਮੈਨੂੰ ਦੇਖਿਆ ਨਹੀਂ ਸੀ । ਉਹ ਤਾਂ ਆਪਣੇ ਪੋਤੇ ਪੋਤੀਆਂ ਨੂੰ ਵੀ ਕਦੇ ਮਿਲੀ ਨਹੀਂ ਸੀ । ਜਦੋਂ ਉਹ ਦਰਵਾਜ਼ੇ ਲਾਗੇ ਖੜ੍ਹੀ ਸੀ , ਮੇਰੇ ਬੱਚੇ ਉਹਨੂੰ ਦੇਖ ਕੇ, ਚੀਕਾਂ ਤੇ ਲੇਰਾਂ ਮਾਰਨ ਲੱਗ ਪਏ । ਕਹਿਣ ਲੱਗੇ , “ ਤੂੰ ਇੱਥੇ ਬਿਨ ਬੁਲਾਏ ਕਿਉਂ ਆ ਗਈ । ” ਮੈਂ ਵੀ ਤਿੱਖੀ ਅਵਾਜ਼ ' ਚ ਚੀਕਿਆ , “ ਤੇਰਾ ਮੇਰੇ ਘਰ ਆਉਣ ਦਾ ਹੋਂਸਲਾ ਕਿਵੇਂ ਪਿਆ।ਤੂੰ ਮੇਰੇ ਨਿਆਣਿਆਂ ਨੂੰ ਡਰਾ ਦਿੱਤਾ।ਤੂੰ ਹੁਣੇ ਹੀ ਇੱਥੋਂ ਬਾਹਰ ਨਿਕਲ ਜਾਹ । ” ਮੇਰੇ ਇਹ ਕਹਿਣ ’ ਤੇ ਮੇਰੀ ਮਾਂ ਨੇ ਬਿਨਾਂ ਕਿਸੇ ਗੁੱਸੇ ਦੇ ਜਵਾਬ ਦਿੱਤਾ , “ ਮੈਨੂੰ ਬਹੁਤ ਅਫਸੋਸ ਹੈ । ਹੋ ਸਕਦਾ ਹੈ ਕਿ ਮੈਂ ਗਲਤ ਸਰਨਾਂਵੇਂ ਤੇ ਪਹੁੰਚ ਗਈ ਹੋਵਾਂ । ” ਏਨਾ ਕਹਿ ਕੇ ਉਹ ਚਲੀ ਗਈ । ਫਿਰ ਇੱਕ ਦਿਨ ਮੇਰੇ ਘਰ ਦੇ ਸਰਨਾਂਵੇਂ ਤੇ ਮੈਨੂੰ ਇੱਕ ਚਿੱਠੀ ਆਈ । ਮੇਰੇ ਸਕੂਲ ' ਚ ਸਾਰੇ ਪੁਰਾਣੇ ਵਿਦਿਆਰਥੀਆਂ ਦਾ ਮਿਲਣ - ਸੰਮੇਲਨ ਹੋਣਾ ਸੀ । ਮੈਨੂੰ ਵੀ ਬੁਲਾਇਆ ਗਿਆ ਸੀ । ਮੈਂ ਆਪਣੀ ਪਤਨੀ ਕੋਲ ਝੂਠ ਬੋਲਿਆ ਕਿ ਮੈਂ ਬਿਜ਼ਨਿਸ ਟਰਿੱਪ ' ਤੇ ਜਾ ਰਿਹਾ ਹਾਂ । ਸੰਮੇਲਨ ਤੋਂ ਮਗਰੋਂ ਮੈਂ ਉਤਸੁਕਤਾ ਵਜੋਂ ਆਪਣੇ ਪੁਰਾਣੇ ਘਰ ਨੂੰ ਦੇਖਣ ਚਲਾ ਗਿਆ । ਮੇਰੇ ਗੁਆਂਢੀ ਨੇ ਦੱਸਿਆ ਕਿ ਉਹ( ਮੇਰੀ ਮਾਂ ) ਤਾਂ ਮਰ ਗਈ ਸੀ । ਮੇਰੀਆਂ ਅੱਖਾਂ ' ਚੋਂ ਇੱਕ ਵੀ ਹੰਝੂ ਨਾ ਕਿਰਿਆ । ਗੁਆਂਢੀ ਨੇ ਮੈਨੂੰ ਇੱਕ ਚਿੱਠੀ ਫੜਾਈ । ਇਹ ਚਿੱਠੀ ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਗੁਆਂਢੀ ਨੂੰ ਦਿੱਤੀ ਸੀ ਕਿ ਜਦ ਕਦੀ ਉਹ ( ਮੈਂ ) ਆਵੇ ਤਾਂ ਉਸਨੂੰ ਦੇ ਦੇਈਂ । ਚਿੱਠੀ ' ਚ ਲਿਖਿਆ ਸੀ , “ ਮੇਰੇ ਬਹੁਤ ਹੀ ਪਿਆਰੇ ਬੇਟੇ , ਮੈਂ ਹਰ ਵੇਲੇ ਤੇਰੇ ਬਾਰੇ ਹੀ ਸੋਚਦੀ ਰਹਿੰਦੀ ਹਾਂ । ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਤੁਹਾਡੇ ਕੋਲ ਬਿਨਾਂ ਅਗਾਉਂ ਦੱਸੇ ਗਈ ਤੇ ਤੁਹਾਡੇ ਬੱਚੇ ਮੈਨੂੰ ਵੇਖ ਕੇ ਡਰ ਗਏ । ਜਦ ਮੈਨੂੰ ਇਹ ਪਤਾ ਲੱਗਾ ਕਿ ਤੂੰ ਸੰਮੇਲਨ ' ਤੇ ਆ ਰਿਹਾ ਏਂ ਤਾਂ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ । ਪਰ ਸ਼ਾਇਦ ਮੈਂ ਤੈਨੂੰ ਦੇਖਣ ਲਈ ਬਿਸਤਰੇ ’ ਚੋਂ ਉੱਠ ਵੀ ਨਾ ਸਕਾਂ । ਮੈਨੂੰ ਬਹੁਤ ਹੀ ਦੁੱਖ ਤੇ ਅਫਸੋਸ ਹੈ ਕਿ ਜਦ ਤੂੰ ਵੱਡਾ ਹੋ ਰਿਹਾ ਸੀ , ਮੈਂ ਤੇਰੇ ਲਈ ਲਗਾਤਾਰ ਪਰੇਸ਼ਾਨੀ ਦਾ ਕਾਰਨ ਬਣੀ ਰਹੀ।ਤੈਨੂੰ ਸ਼ਾਇਦ ਯਾਦ ਨਾ ਹੋਵੇ , ਜਦੋਂ ਤੂੰ ਬਹੁਤ ਛੋਟਾ ਸੀ , ਤੇਰਾ ਇੱਕ ਐਕਸੀਡੈਂਟ ਹੋ ਗਿਆ ਸੀ । ਤੇਰੀ ਇੱਕ ਅੱਖ ਚੱਲੀ ਗਈ ਸੀ । ਇੱਕ ਮਾਂ ਦੇ ਨਾਤੇ , ਮੈਂ ਤੈਨੂੰ ਇੱਕ ਅੱਖ ਵਾਲ਼ਾ ਦੇਖ ਨਹੀਂ ਸੀ ਸਕਦੀ । ਸੋ ਉਸ ਵੇਲੇ ਮੈਂ ਤੇਰਾ ਇਲਾਜ ਕਰਾਇਆ ਤੇ ਆਪਣੀ ਇੱਕ ਅੱਖ ਤੈਨੂੰ ਦੇ ਦਿੱਤੀ । ਮੈਨੂੰ ਆਪਣੇ ਬੇਟੇ ਤੇ ਬੜਾ ਮਾਣ ਸੀ ਜਿਹੜਾ ਮੇਰੇ ਲਈ ਤੇ ਮੇਰੀ ਥਾਵੇਂ ਉਸ ਅੱਖ ਨਾਲ ਸਾਰੇ ਵਿਸ਼ਵ ਨੂੰ ਦੇਖ ਰਿਹਾ ਸੀ । ਬੇਟੇ ! ਬਹੁਤ ਬਹੁਤ ਪਿਆਰ ! ਤੇਰੀ ਮਾਂ ! ” ਮੇਰੇ ’ ਚ ਬੋਲਣ ਦੀ ਹਿੰਮਤ ਨਹੀਂ ਸੀ । ਮੇਰੀਆਂ ਅੱਖਾਂ ' ਚੋਂ ਹੰਝੂਆਂ ਦੀਆਂ ਨਦੀਆਂ ਵਗ ਰਹੀਆਂ ਸਨ ।